ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ,
ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਉੱਚ ਪੱਧਰੀ ਸਹੂਲਤਾਂ, ਮਾਹਿਰ ਡਾਕਟਰਾਂ ਅਤੇ ਹਰ ਤਰ੍ਹਾਂ ਦੀਆਂ ਮੁਫ਼ਤ ਦਵਾਈਆਂ ਮੁਹੱਈਆ ਕਰਵਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਜ਼ਮੀਨੀ ਹਕੀਕਤ ਇਨ੍ਹਾਂ ਦਾਵਿਆਂ ਤੋਂ ਇੱਕਦਮ ਉਲਟ ਨਜ਼ਰ ਆ ਰਹੀ ਹੈ।
ਸਾਡੇ ਵੱਲੋਂ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਦੇਵ ਵਿੱਚ ਦਵਾਈਆਂ ਦੀ ਉਪਲੱਬਧਤਾ ਦੀ ਹਕੀਕਤ ਦੀ ਜਾਂਚ ਕਰਨ ਲਈ ਮਨੋਰੋਗ ਵਿਭਾਗ ਵਿੱਚ ਇੱਕ ਮਰੀਜ਼ ਦੀ ਜਾਂਚ ਕਰਵਾਈ ਗਈ। ਡਾਕਟਰ ਨੇ ਚੈੱਕ ਕਰਨ ਤੋਂ ਬਾਅਦ ਕੁੱਝ ਦਵਾਈਆਂ ਲਿਖ ਕੇ ਦਿੱਤੀਆਂ ਅਤੇ ਕਿਹਾ ਕਿ ਇਹ ਦਵਾਈਆਂ ਸਵਾਮੀ ਵਿਵੇਕਾਨੰਦ ਸੈਂਟਰ ਤੋਂ ਮਿਲ ਜਾਣਗੀਆਂ।
ਪਰ ਜਦੋਂ ਅਸੀਂ ਸਵਾਮੀ ਵਿਵੇਕਾਨੰਦ ਸੈਂਟਰ ‘ਤੇ ਦਵਾਈਆਂ ਲੈਣ ਪਹੁੰਚੇ ਤਾਂ ਉਥੇ ਮੌਜ਼ੂਦ ਅਧਿਕਾਰੀ ਨੇ ਸਾਫ਼ ਆਖ਼ ਦਿੱਤਾ ਕਿ ਇਨ੍ਹਾਂ ਵਿੱਚੋਂ ਇੱਕ ਵੀ ਦਵਾਈ ਉੱਥੇ ਉਪਲਬਧ ਨਹੀਂ ਹੈ।
ਇਸ ਤੋਂ ਬਾਅਦ ਜਦੋਂ ਅਸੀਂ ਗੁਰੂ ਨਾਨਕ ਦੇਵ ਹਸਪਤਾਲ ਦੇ ਬਾਹਰ ਸਥਿਤ ਇੱਕ ਮੈਡੀਕਲ ਸਟੋਰ ‘ਤੇ ਇਹੀ ਕਾਰਡ ਦਿਖਾਇਆ, ਉਹਨਾਂ ਨੇ ਤੁਰੰਤ ਸਾਰੀਆਂ ਦਵਾਈਆਂ ਦੇ ਦਿੱਤੀਆਂ।
ਇਸ ਮੌਕੇ ‘ਤੇ ਹੋਰ ਕਈ ਮਰੀਜ਼ ਵੀ ਮਨੋਰੋਗ ਵਿਭਾਗ ਦੇ ਦਵਾਈ ਕਾਰਡਾਂ ਨਾਲ ਇੱਥੋਂ ਹੀ ਮੈਡੀਸਨ ਲੈਂਦੇ ਦੇਖੇ ਗਏ।
ਜੋ ਦਵਾਈਆਂ ਸਰਕਾਰੀ ਹਸਪਤਾਲ ਵਿੱਚ ਮੁਫ਼ਤ ਮਿਲਣੀਆਂ ਚਾਹੀਦੀਆਂ ਹਨ, ਉਹਨਾਂ ਲਈ ਮਰੀਜ਼ਾਂ ਨੂੰ ਪ੍ਰਾਈਵੇਟ ਮੈਡੀਕਲ ਸਟੋਰ ਤੋਂ ਮੋਟੇ ਪੈਸੇ ਦੇ ਕੇ ਖ਼ਰੀਦਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।
ਬਾਕਸ
ਐਮਆਰਾਂ ਦੀ ਸਰਕਾਰੀ ਹਸਪਤਾਲ ਵਿੱਚ ਐਂਟਰੀ ਦੇ ਵੀ ਗੰਭੀਰ ਸਵਾਲ
ਜਾਂਚ ਦੌਰਾਨ ਇਹ ਵੀ ਸਾਹਮਣੇਂ ਆਇਆ ਕਿ ਦਵਾਈਆਂ ਦੀਆਂ ਕੰਪਨੀਆਂ ਦੇ ਮੈਡੀਕਲ ਰੈਪ੍ਰਿਜ਼ੈਂਟੇਟਿਵ (MR) ਹਸਪਤਾਲਾਂ ਵਿੱਚ ਆ ਕੇ ਡਾਕਟਰਾਂ ਨੂੰ ਉਹ ਦਵਾਈਆਂ ਲਿਖ਼ਣ ਲਈ ਪ੍ਰੇਰਿਤ ਕਰਦੇ ਹਨ, ਜੋ ਸਰਕਾਰੀ ਡਿਸਪੈਂਸਰੀ ਵਿੱਚ ਉਪਲਬਧ ਨਹੀਂ ਹੁੰਦੀਆਂ।
ਇਹ ਦਵਾਈਆਂ ਸਿਰਫ਼ ਉਹਨਾਂ ਖ਼ਾਸ ਮੈਡੀਕਲ ਸਟੋਰਾਂ ‘ਤੇ ਹੀ ਮਿਲਦੀਆਂ ਹਨ, ਜਿਨ੍ਹਾਂ ਦਾ ਕੰਪਨੀਆਂ ਨਾਲ ਸੈਟਲਮੈਂਟ ਹੁੰਦਾ ਹੈ। ਜਾਣਕਾਰੀ ਅਨੁਸਾਰ, ਇਨ੍ਹਾਂ ਦਵਾਈਆਂ ਨੂੰ ਲਿਖ਼ਣ ਦੇ ਬਦਲੇ ਡਾਕਟਰਾਂ ਨੂੰ ਵੱਡੇ ਕਮਿਸ਼ਨ ਦਿੱਤੇ ਜਾਂਦੇ ਹਨ।
ਇਸ ਕਾਰਨ ਕਈ ਸਰਕਾਰੀ ਡਾਕਟਰ ਮਰੀਜ਼ਾਂ ‘ਤੇ ਬਿਨਾਂ ਲੋੜ ਦਾ ਵਿੱਤੀ ਬੋਝ ਪਾਂਦੇ ਹੋਏ ਪ੍ਰਾਈਵੇਟ ਦਵਾਈਆਂ ਲਿਖ ਰਹੇ ਹਨ।
ਬਾਕਸ
ਸੁਪਰਡੈਂਟ ਤੋਂ ਪੁੱਛਿਆ ਪਰ ਜਵਾਬ ਨਾ ਮਿਲਿਆ
ਸਾਡੇ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ਦੇ ਸੁਪਰਡੈਂਟ ਨੂੰ ਮੈਸੇਜ ਰਾਹੀਂ ਪੁੱਛਿਆ ਗਿਆ ਕਿ ਸਰਕਾਰੀ ਸਮੇਂ ਦੌਰਾਨ ਐਮਆਰਾਂ ਦਾ ਡਾਕਟਰਾਂ ਨਾਲ ਮਿਲਣਾ ਅਲਾਊਡ ਹੈ?
ਬਾਕਸ
ਡਾਕਟਰ ਮਰੀਜ਼ਾਂ ਦਾ ਸਮਾਂ ਛੱਡ ਕੇ ਐਮਆਰਾਂ ਨੂੰ ਕਿਉਂ ਦੇ ਰਹੇ ਹਨ?
ਇਸ ਸਬੰਧੀ ਜਦੋਂ ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰ ਨਾਲ ਗੱਲ ਕੀਤੀ ਗਈ ਤਾਂ ਪਰ ਉਹਨਾਂ ਵੱਲੋਂ ਇਸ ਬਾਰੇ ਕੋਈ ਵੀ ਸਪੱਸ਼ਟ ਜਵਾਬ ਨਹੀਂ ਦਿੱਤਾ ਗਿਆ।
ਬਾਕਸ
ਸਿਹਤ ਮੰਤਰੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼
ਸਾਡੇ ਵੱਲੋਂ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਫ਼ੋਨ ਨਹੀਂ ਲੱਗ ਸਕਿਆ। ਪੂਰੀ ਜਾਣਕਾਰੀ ਉਸਨੂੰ ਈਮੇਲ ਰਾਹੀਂ ਭੇਜ ਦਿੱਤੀ ਗਈ ਹੈ।
ਬਾਕਸ
ਕੀ ਸਰਕਾਰ ਆਪਣੇ ਵਾਅਦੇ ਪੂਰੇ ਕਰੇਗੀ?
ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਦੇ ਉਹ ਵਾਅਦੇ—ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਮਰੀਜ਼ਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਹਰ ਸਹੂਲਤ ਅਤੇ ਮੁਫ਼ਤ ਦਵਾਈਆਂ ਮਿਲਣਗੀਆਂ, ਅਸਲ ਵਿੱਚ ਪੂਰੇ ਹੁੰਦੇ ਹਨ ਜਾਂ ਫ਼ਿਰ ਇਹ ਸਿਰਫ਼ ਦਾਵੇ ਸੁਪਨੇ ਹੀ ਬਣ ਕੇ ਰਹਿ ਜਾਣਗੇ।
Leave a Reply